ਗੀਤ - ਇੱਕ ਤੇਰਾ ਅਹਿਸਾਨ....

ਜਦ ਵੀ ਤੇਰੀ ਯਾਦ ਸਤਾਉਂਦੀ,
ਮੈਨੂੰ ਮੇਰੇ ਹੋਸ਼ ਭੁਲਾਉਂਦੀ
ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ
ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ

ਤੂੰ ਰਾਣੀ ਤੇ ਮੈਂ ਸੀ ਰਾਜਾ, ਪਿਆਰ ਦਾ ਸਿਰ ਤੇ ਤਾਜ ਸੀ ਹੁੰਦਾ
ਫੁੱਲ ਤੇ ਭੌਰੇ ਵਾਲਾ ਅੜੀਏ, ਸਾਡਾ ਵੀ ਕਦੀ ਸਾਥ ਸੀ ਹੁੰਦਾ
ਸਾਭੇਂ ਮੈਂ ਯਾਦਾਂ ਦੇ ਮੋਤੀ, ਕਦੀ ਵੀ ਮੈਂ ਨਾ ਕੋਈ ਗਵਾਇਆ
ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ
ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ

ਅੰਬਰਾਂ ਤੇ ਜਦ ਚਮਕਣ ਤਾਰੇ, ਕਦੀ ਕਦੀ ਕੋਈ ਟੁੱਟ ਜਾਂਦਾ ਏ
ਮੇਰੇ ਵਾਗੂੰ ਹੱਸਦਾ ਵੱਸਦਾ, ਕਦੀ ਕਦੀ ਕੋਈ ਲੁੱਟ ਜਾਂਦਾ ਏ
ਤੇਰੀ ਯਾਦ ਤੇ ਹੰਝੂ ਮੇਰੇ, ਰਹਿ ਗਿਆ ਹੁਣ ਇਹੀ ਸਰਮਾਇਆ
ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ
ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ

ਤਪਦੇ ਦਿਲ ਨੂੰ ਠਾਰਨ ਦੇ ਲਈ, ਕੌਣ ਹੈ ਅੱਜ ਝਨਾਂਅ ਤਰਦਾ
ਖ਼ਤ ਤਸਵੀਰਾਂ ਛੱਲੇ ਮੁੰਦੀਆਂ, ਦਾ ਮੈਂ ਹੁਣ ਦੱਸ ਕੀ ਕਰਦਾ
ਰੋੜ੍ਹ ਕੇ ਵਿੱਚ ਮੈਂ ਵਗਦੇ ਪਾਣੀ, ਪਾਣੀ ਦਾ ਘੁੱਟ ਮੂੰਹ ਨੂੰ ਲਾਇਆ
ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ
ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ

ਪਿਆਰ'ਚ ਅਕਲਾਂ ਕੰਮ ਨਾ ਦਿੰਦੀਆਂ, ਨਈਂ ਤਾਂ 'ਕੰਗ' ਕੁਝ ਸੋਚ ਹੀ ਲੈਂਦਾ
ਬੇ ਦਰਦੀ ਜਹੇ ਯਾਰ ਦੇ ਦਿਲ ਨੂੰ, ਸ਼ਾਇਦ ਮੇਰਾ ਦਿਲ ਖੋਜ ਹੀ ਲੈਂਦਾ
ਬਣੀ ਮੁਹੱਬਤ ਕਿੰਝ ਬੁਝਾਰਤ, ਇਸ ਗੱਲ ਨੇ ਮੈਨੂੰ ਬੜਾ ਰੁਲ਼ਾਇਆ
ਭੁੱਲ ਗਈ ਏਂ ਤੂੰ ਬੇਸ਼ੱਕ ਮੈਨੂੰ, ਮੈਂ ਤੈਨੂੰ ਨਈਂ ਕਦੀ ਭੁਲਾਇਆ
ਇੱਕ ਤੇਰਾ ਅਹਿਸਾਨ ਬੜਾ ਏ, ਜਿਹੜਾ ਮੈਨੂੰ ਸ਼ਾਇਰ ਬਣਾਇਆ
ਇੱਕ ਤੇਰਾ ਅਹਿਸਾਨ....

੧੨ ਦਸੰਬਰ ੨੦੦੪

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....