ਗੀਤ - ਸੱਧਰਾਂ ਦੇ ਦੀਪ.............
ਸੱਧਰਾਂ ਦੇ ਦੀਪ
ਉੱਡ ਗਈ ਏ ਨੀਂਦ ਮੇਰੀ, ਲੱਗਦੀ ਨਾ ਭੁੱਖ ਵੇ
ਤੇਰੇ ਬਿਨਾਂ ਸੁੱਖ ਸਾਰੇ, ਬਣ ਗਏ ਨੇ ਦੁੱਖ ਵੇ
ਕਿਹੜੇ ਜਨਮਾਂ ਦਾ ਵੈਰ ਵੇ ਤੂੰ ਕੱਢਿਆ, ਵਿਛੋੜੇ ਵਾਲ਼ਾ ਲਾ ਕੇ ਡੰਨ ਵੇ
ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ
ਕਾਹਤੋਂ ਖੁਦ ਨੂੰ ਬਣਾਇਆ, ਸਾਡੇ ਲਈ ਨਾਸੂਰ ਵੇ
ਐਡੀ ਕੀ ਸੀ ਮਜਬੂਰੀ, ਸਾਥੋਂ ਹੋਇਆ ਦੂਰ ਵੇ
ਤੇਰੀ ਆਉਂਦੀ ਬੜੀ ਯਾਦ, ਕੀਹਨੂੰ ਕਰਾਂ ਫਰਿਆਦ
ਜੀਹਨੇ ਮੰਨਣੀ ਸੀ ਗੱਲ ਮੇਰੇ ਦਿਲ ਦੀ, ਨਾ ਕਰੇ ਸਾਡੇ ਵੱਲ ਕੰਨ ਵੇ
ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ
ਆਸਾਂ ਦੀ ਦੀਵਾਰ ਸਾਡੀ, ਏਨੀ ਵੀ ਤਾਂ ਕੱਚੀ ਨਹੀਂ
ਆਉਣ ਵਾਲੀ ਗੱਲ ਕਾਹਤੋਂ, ਹੁੰਦੀ ਹਾਏ ਸੱਚੀ ਨਹੀਂ
ਇੱਕ ਖ਼ਤ ਤੇਰਾ ਆਇਆ, ਜੇਹੜਾ ਜਾ ਕੇ ਸੀ ਪਾਇਆ
ਉਹਨੂੰ ਪੜ੍ਹ ਪੜ੍ਹ ਮੈਂ ਨਾ ਕਦੇ ਥੱਕਦੀ, ਨਾ ਠਰੇ ਕਦੇ ਮੇਰਾ ਮਨ ਵੇ
ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ
ਸਾਉਣ ਦਾ ਮਹੀਨਾ ਨਾਲੇ, ਤੀਆਂ ਗਈਆਂ ਬੀਤ ਵੇ
ਲੋਚਦਾ ਏ ਦਿਲ ‘ਕੰਗ‘, ਸੁਣਾਂ ਤੇਰੇ ਗੀਤ ਵੇ
ਕਰੇ ਚਿੱਤ ਤੈਨੂੰ ਛੋਹਾਂ, ਵੇ ਨਾ ਬਣ ਨਿਰਮੋਹਾ
ਜਿਵੇਂ ਫੁੱਲਾਂ ‘ਚ ਮਹਿਕ ਕੁਝ ਦਿਨ ਹੀ, ਇਹੋ ਜਿਹਾ ਰੂਪ ਧਨ ਵੇ
ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆਉਂਦਾ ਨਹੀਂਓ ਤੂੰ ਚੰਨ ਵੇ
ਕਾਹਤੋਂ ਪਰਦੇਸਾਂ ਵਿੱਚ, ਗਿਆ ਤੂੰ ਨਿਮਾਣਿਆ ਵੇ
ਦੁੱਖ ਮੇਰੇ ਦਿਲ ਦਾ ਨਾ, ‘ਕਮਲ‘ ਪਛਾਣਿਆ ਵੇ
ਜਦੋਂ ਹੋਈ ਠੱਕ ਠੱਕ, ਦਿਲ ਕਰੇ ਧੱਕ ਧੱਕ
ਰੋਸੇ ਗਿਲੇ ਤਾਂ ਭੁਲਾ ਤੇ ਸਾਰੇ ਪਲ ‘ਚੇ, ਮਾਹੀ ਆਇਆ ਗੱਲ ਮੰਨ ਕੇ
ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆ ਗਿਓਂ ਤੂੰ ਘਰੇ ਚੰਨ ਵੇ
ਵੇ ਮੈਂ ਸੱਧਰਾਂ ਦੇ ਦੀਪ ਜਗਾਵਾਂ, ਆ ਗਿਓਂ ਤੂੰ ਘਰੇ ਚੰਨ ਵੇ
੧੫ ਅਪ੍ਰੈਲ ੨੦੦੪ ਕਮਲ ਕੰਗ