ਗੀਤ - ਯਾਦ ਆਵੇ ਵਤਨਾਂ ਦੀ.......
ਸ਼ਿਅਰ:
ਵਰ੍ਹੇ ਹੋਏ ਪਰਦੇਸੀਂ ਆਇਆ, ਤੇ ਮੈਂ ਬਣ ਬੈਠਾ ਪਰਦੇਸੀ
ਦਿਲ ਕਰਦਾ ਮੁੜ ਵਤਨੀਂ ਜਾਵਾਂ, ਬਣ ਜਾਵਾਂ ਮੁੜ ਦੇਸੀ
ਗੀਤ:
ਯਾਦ ਆਵੇ ਵਤਨਾਂ ਦੀ, ਹਾਏ ਨੀਂਦ ਨਾ ਆਵੇ ਰਾਤੀਂ
ਅੱਖੀਂ ਦੇਖਾਂ ਜਾ ਕੇ ਮੈਂ, ਦਿਲ ਹੋ ਗਿਆ ਏ ਜਜ਼ਬਾਤੀ
ਯਾਦ ਆਵੇ ਵਤਨਾਂ ਦੀ,…
ਇੱਕ ਸੁਫਨਾ ਆਇਆ ਸੀ, ਅੱਖ ਲੱਗੀ ਪਹਿਰ ਦੇ ਤੜਕੇ,
ਮਾਪੇ ਕਰਨ ਉਡੀਕਾਂ ਪਏ, ਬੋਲੇ ਹੱਥ 'ਚ ਕਾਲਜਾ ਫੜਕੇ
ਕਹਿੰਦੇ ਉਮਰਾਂ ਬੀਤ ਗਈਆਂ, ਪੁੱਤਰਾ ਸਾਡੀ ਯਾਦ ਭੁਲਾਤੀ
ਯਾਦ ਆਵੇ ਵਤਨਾਂ ਦੀ,…
ਵੀਰਾ ਕਦ ਤੂੰ ਆਉਣਾ ਏ, ਛੋਟੀ ਭੈਣ ਵਾਸਤੇ ਪਾਉਂਦੀ,
ਛੇਤੀਂ ਆ ਕੇ ਮਿਲ਼ਜਾ ਵੇ, ਸਿੱਲੀਆਂ ਅੱਖਾਂ ਫਿਰੇ ਛੁਪਾਉਂਦੀ
ਦਿਲ ਗਿਆ ਚੀਰਿਆ ਹਾਏ, ਰੱਖੜੀ ਓਹਨੇ ਯਾਦ ਕਰਾਤੀ
ਯਾਦ ਆਵੇ ਵਤਨਾਂ ਦੀ,…
ਮੈਂ ਤੇਰੇ ਸਿਰ ਤੇ ਉੱਡਦਾ ਸੀ, ਵੀਰਾ ਜਦ ਸਾਂ ਚੌਧਰ ਕਰਦਾ,
ਹੁੰਦੇ ਇੱਕ ਤੇ ਇੱਕ ਗਿਆਰਾਂ, ਫਿਰਦਾ ਹਾਂ ਹੁਣ ਕੱਲਾ ਡਰਦਾ
ਬਾਪੂ ਦੀ ਗੱਲ ਕਹੀਓ ਹਾਏ, ਛੋਟੇ ਵੀਰ ਨੇ ਫੇਰ ਸੁਣਾਤੀ
ਯਾਦ ਆਵੇ ਵਤਨਾਂ ਦੀ,…
ਹੱਥ ਡੀਕਣ ਮਹਿੰਦੀ ਲਈ, ਬਾਹਵਾਂ ਤਰਸਣ ਚੂੜੇ ਲਈ ਵੇ,
ਨਿੱਤ ਕਰਾਂ ਉਡੀਕਾਂ ਮੈਂ, ਬਨੇਰੇ ਬੋਲੇ ਅੱਜ ਕਾਂ ਕਈ ਵੇ
ਓਹਦਾ ਜੋਬਨ ਲੰਘ ਚੱਲਿਆ, ਰਮਜ਼ਾਂ ਨਾਲ ਸੀ ਗੱਲ ਸਮਝਾਤੀ
ਯਾਦ ਆਵੇ ਵਤਨਾਂ ਦੀ,…
ਇੱਥੇ ਸਭ ਕੁਝ ਮਿਲਦਾ ਏ, ਇੱਕ ਮਾਂ ਨਹੀਂ ਮਿਲਦੀ ਅੰਮੀਏ,
ਆਪਣਾ ਦੇਸ ਆਪਣਾ ਏ, ਉੱਥੇ ਮਰ ਜਾਈਏ ਜਿੱਥੇ ਜੰਮੀਏ
ਦਿਲ ਦਰਦਾਂ ਹੇਠ ਦੱਬਿਆ, ਨਾ ਕੋਈ ਮਿਲਦਾ ਸੰਗੀ ਸਾਥੀ
ਯਾਦ ਆਵੇ ਵਤਨਾਂ ਦੀ,…
ਉੱਠ ਛੇਤੀਂ ਕਰ ਮਨ ਵੇ, ਜਾ ਕੇ ਹੁਣੇਂ ਮੈਂ ਟਿਕਟ ਕਟਾਵਾਂ,
ਛੱਡ ਦੇਸ ਬਿਗਾਨੇ ਨੂੰ, 'ਕੰਗ ਜਾਗੀਰ' 'ਚ ਫੇਰੀ ਪਾਵਾਂ
ਦਿਲ ਕਰਦਾ ਉੱਡ ਜਾਵਾਂ, ਸੁੱਤੇ ਪਏ ਨੇ ਸੋਚ ਦੌੜਾਤੀ
ਯਾਦ ਆਵੇ ਵਤਨਾਂ ਦੀ,…
ਵੇ 'ਕਮਲ' ਨੇ ਕਦ ਆਉਣਾ, ਪੁੱਛਦੀ ਏ ਮੁੰਡਿਆਂ ਦੀ ਟੋਲੀ,
ਮਾਂ ਦੱਸਦੀ ਦੱਸਦੀ ਹਾਏ, ਜਾਵੇ ਨੀਰ ਨੈਣਾਂ 'ਚੋਂ ਡੋਲ੍ਹੀ
ਛੇਤੀਂ ਆ ਜਾ ਤੂੰ ਪੁੱਤ ਵੇ, ਕਹਿ ਕੇ ਮੇਰੀ ਅੱਖ ਖੁਲਾਤੀ
ਯਾਦ ਆਵੇ ਵਤਨਾਂ ਦੀ,…
20 ਮਈ 2003 ਕਮਲ ਕੰਗ ©