ਕਿਸਾਨ ਜਿੱਤਿਆ - ਗੀਤ


ਤੇਰੀ ਹਾਰ ਗਈ ਏ ਦਿੱਲੀ ਵੇਖ ਮੋਦੀਆ,
ਜੰਗ ਤਾਂ ਕਿਸਾਨ ਜਿੱਤਿਆ
ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ,
ਜੰਗ ਇਨਸਾਨ ਜਿੱਤਿਆ


ਐਨਾ ਕਰੀ ਦਾ ਨਹੀਂ ਕਦੇ ਵੀ ਹੰਕਾਰ ਜ਼ਾਲਮਾਂ,
ਸਾਨੂੰ ਅੰਬਰਾਂ ਤੋਂ ਹੇਠਾਂ ਬਾਜ਼ ਲਾਹੁਣੇ ਆਉਂਦੇ ਆ
ਜਿਹੜਾ ਭੁੱਲ ਜਾਵੇ ਆਪਣੀ ਔਕਾਤ ਵੈਰੀਆ,
ਓਹਦੇ ਗਲ਼ਮੇਂ ਚੇ ਹੱਥ ਸਾਨੂੰ ਪਾਉਣੇ ਆਉਂਦੇ ਆ
ਹੋਈ ਹਾਰ ਹੈ ਮੋਦੀ ਦੇ ਕੋਰੇ ਝੂਠ ਦੀ,
ਸੱਚ ਸ਼ਰੇਆਮ ਜਿੱਤਿਆ
ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ,
ਜੰਗ ਇਨਸਾਨ ਜਿੱਤਿਆ
ਜੰਗ ਓਏ ਕਿਸਾਨ ਜਿੱਤਿਆ....


ਕੁੱਤੀ ਰਲ਼ ਕੇ ਚੋਰਾਂ 'ਨ ਜੇੜ੍ਹੀ ਪਾੜ ਪਾਉਂਦੀ ਸੀ,
ਅੱਜ ਕਰਨੋਂ ਵੀ ਵੇਖੋ ਚੂੰ-ਚਾਂ ਹੱਟ ਗਈ
ਜੜ੍ਹ ਆਪਣੀ ਤਾਂ ਲੋਕਾਂ ਤੋਂ ਪਟਾਉਣੀ ਵੱਖਰੀ,
ਕਈ ਲੂੰਬੜਾਂ ਨੂੰ ਆਪਣੇ ਵੀ ਨਾਲ਼ ਪੱਟ ਗਈ
ਘਰ ਕਿਰਤੀ ਬਚਾਇਆ 'ਕੰਗ' ਆਪਣਾ,
ਲੋਕਾਂ ਦਾ ਤੂਫ਼ਾਨ ਜਿੱਤਿਆ
ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ,
ਜੰਗ ਇਨਸਾਨ ਜਿੱਤਿਆ
ਜੰਗ ਓਏ ਕਿਸਾਨ ਜਿੱਤਿਆ....


ਜੰਗਾਂ ਰਹਿੰਦੀਆਂ ਨੇ ਲੜਨੇ ਲਈ ਅਜੇ ਸੋਹਣਿਓਂ,
ਅਜੇ ਹੰਭਲੇ ਅਸੀਂ ਨੇ ਬੜੇ ਹੋਰ ਮਾਰਨੇ
ਕੁਝ ਚੰਡਣੇ ਨੇ ਓਹ ਵੀ ਜਿਹੜੇ ਲੁਕ ਕੇ ਖੜ੍ਹੇ,
ਬਾਕੀ ਮਨਾਂ ਵਿੱਚ ਬੈਠੇ ਪੰਜ ਚੋਰ ਮਾਰਨੇ
ਤੁਸੀਂ ਸਭ ਹੋ ਸਿਆਣੇ ਉਂਝ 'ਕਮਲ' ਦੇ ਨਾਲੋਂ,
ਸੱਚ ਤੇ ਇਮਾਨ ਜਿੱਤਿਆ
ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ,
ਜੰਗ ਇਨਸਾਨ ਜਿੱਤਿਆ
ਤੇਰੀ ਹਾਰ ਗਈ ਏ ਦਿੱਲੀ ਵੇਖ ਮੋਦੀਆ,
ਜੰਗ ਤਾਂ ਕਿਸਾਨ ਜਿੱਤਿਆ
ਜੰਗ ਓਏ ਕਿਸਾਨ ਜਿੱਤਿਆ
ਜੰਗ ਹੈ ਜਵਾਨ ਜਿੱਤਿਆ
ਕਿਰਤੀ ਕਿਸਾਨ ਜਿੱਤਿਆ
ਜੰਗ ਹੈ ਕਿਸਾਨ ਜਿੱਤਿਆ...!

ਇਨਕਲਾਬ ਜ਼ਿੰਦਾਬਾਦ!

ਕਮਲ ਕੰਗ
੧ ਜਨਵਰੀ ੨੦੨੧

Popular posts from this blog

ਕਵਿਤਾ: ਰੱਖੜੀ....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਕਵਿਤਾ: ਦੇਸ ਪੰਜਾਬ.....