ਆਦਤ - ਗੀਤ
ਆਦਤ
ਫੁੱਲ ਕਿੰਨੇ ਹੋਰ ਮਧੋਲ਼ੇਂ ਗੀ
ਦਿਲ ਕਿੰਨੇ ਹੋਰ ਤੂੰ ਤੋੜੇਂ ਗੀ
ਕਿਹੜੇ ਅੰਬਰੀਂ, ਕਿਹੜੀ ਦੁਨੀਆਂ,
ਚੇ ਤੂੰ ਹੁਣ ਨੀ ਜਾ ਕੇ ਬਹਿ ਗਈ
ਤੈਨੂੰ ਨਾਲ ਦਿਲਾਂ ਦੇ ਖੇਡਣ ਦੀ,
ਕਿਉਂ ਆਦਤ ਪੈ ਗਈ…
ਪਿਆਰ ਮੁਹੱਬਤ, ਤੇਰੇ ਲਈ ਤਾਂ,
ਲਫ਼ਜਾਂ ਤੋਂ ਵੱਧ ਕੁਝ ਵੀ ਨਹੀਂ
ਛੱਲੇ ਮੁੰਦੀਆਂ, ਵਾਅਦੇ ਕਸਮਾਂ,
ਕੀ ਉਹ ਮਨ ਪਰਚਾਵਾ ਸੀ?
ਆਪਣੇ ਸ਼ੌਂਕ ਅਵੱਲਿਆਂ ਦੇ ਲਈ,
ਹਾਸੇ ਸਾਡੇ ਖੋਹ ਕੇ ਲੈ ਗਈ
ਤੈਨੂੰ ਨਾਲ ਦਿਲਾਂ ਦੇ ਖੇਡਣ ਦੀ,
ਕਿਉਂ ਆਦਤ ਪੈ ਗਈ…
ਜਾਣ ਲੱਗੀ ਇਹ, ਯਾਦ ਵੀ ਆਪਣੀ,
ਸਾਥੋਂ ਹਾਏ ਤੂੰ ਲੈ ਜੇ ਜਾਂਦੀ
ਸਾਰੀ ਜ਼ਿੰਦਗੀ, ਤੇਰੇ ਵਾਂਗਰ,
ਸਾਨੂੰ ਹੁਣ ਇਹ ਰਊ ਗੀ ਖਾਂਦੀ
ਹਾਰ ਗਏ ਸ਼ਤਰੰਜ ਅਸੀਂ ਤਾਂ,
ਇਸ਼ਕ ਦੀ ਬਾਜ਼ੀ ਤੂੰ ਹੀ ਲੈ ਗਈ
ਤੈਨੂੰ ਨਾਲ ਦਿਲਾਂ ਦੇ ਖੇਡਣ ਦੀ,
ਕਿਉਂ ਆਦਤ ਪੈ ਗਈ…
ਕੱਲ ਸੀ ਤੇਰਾ, ‘ਕੰਗ’ ਦੇ ਨਾਮੇ,
ਅੱਜ ਹੋਣਾ ਕਿਸੇ ਹੋਰ ਦੇ ਨਾਮੇ
ਕੱਲ ਨੂੰ ਹੋਣੇ, ਹੋਰ ਸ਼ਿਕਾਰ ਦੇ,
ਤੇਰੇ ਪਿੰਜਰੇ ਤੇ ਸਿਰਨਾਮੇ
ਸਾਹਾਂ ਵਰਗੀਏ ਮੌਤ ਤੂੰ ਬਣਕੇ,
ਅੱਜ ‘ਕਮਲ’ ਦੀ ਹਿੱਕੇ ਬਹਿ ਗਈ
ਤੈਨੂੰ ਨਾਲ ਦਿਲਾਂ ਦੇ ਖੇਡਣ ਦੀ,
ਕਿਉਂ ਆਦਤ ਪੈ ਗਈ…
ਕਮਲ ਕੰਗ 13 ਜੁਲਾਈ 2005