ਇਸ਼ਕੇ ਦਾ ਰੋਗ - ਗੀਤ

ਇਸ਼ਕੇ ਦਾ ਰੋਗ

ਦਰਦ ਵਿਛੋੜੇ ਦਾ ਹਾਏ ਉਹ ਹੀ ਜਾਣੇਂ, 
ਜਿਹੜਾ ਰਾਤ ਵਸਲ ਦੀ ਮਾਣਦਾ ਏ 
ਬਿਨ ਤੇਰੇ ਵੇ ਕੀ ਕੀ ਗੁਜ਼ਰੀ, 
ਬੱਸ ਮੇਰਾ ਹੀ ਦਿਲ ਇਹ ਜਾਣਦਾ ਏ।

ਅੱਖੀਆਂ ਮਿਲਾਉਣੇ ਵਾਲਾ, 
ਨੀਂਦਰਾਂ ਚੁਰਾ ਗਿਆ 
ਇਸ਼ਕੇ ਦਾ ਰੋਗ ਮੇਰੇ, 
ਹੱਡਾਂ ਤਾਈਂ ਲਾ ਗਿਆ

ਕੀਤਾ ਏ ਪਿਆਰ ਚੰਨਾ, ਕੀਤਾ ਨਹੀਂ ਕਸੂਰ ਵੇ 
ਦਿਲ ਦੇ ਤੂੰ ਨੇੜੇ ਨੇੜੇ, ਅੱਖੀਆਂ ਤੋਂ ਦੂਰ ਵੇ 
ਦਰਦ ਜੁਦਾਈ ਵਾਲਾ, ਝੋਲ਼ੀ ਵਿੱਚ ਪਾ ਗਿਆ 
ਇਸ਼ਕੇ ਦਾ ਰੋਗ ਮੇਰੇ ਹੱਡਾਂ ਤਾਈਂ ਲਾ ਗਿਆ

ਹੰਝੂਆਂ ਦੇ ਸਾਗਰਾਂ `ਚ, ਨੈਣ ਮੇਰੇ ਡੁੱਬ ਗਏ 
ਹਿਜਰਾਂ ਦੇ ਤੀਰ ਮੇਰੇ, ਕਾਲ਼ਜੇ `ਚ ਖੁੱਭ ਗਏ
ਯਾਦਾਂ ਦੀ ਤੂੰ ਸੂਲ਼ੀ ਉਤੇ, ਮੈਨੂੰ ਲਟਕਾ ਗਿਆ 
ਇਸ਼ਕੇ ਦਾ ਰੋਗ ......

ਸੋਹਲ ਜਿਹੀ ਜ਼ਿੰਦ ਨੂੰ ਤੂੰ, ਫਿਕਰਾਂ `ਚ ਪਾਈਂ ਨਾ 
ਚਾਅ ਮੇਰੇ ਸੱਜਣਾਂ ਵੇ, ਮਿੱਟੀ `ਚ ਮਿਲਾਈਂ ਨਾ 
ਜਾਪਦਾ ਤੂੰ ਜਿਵੇਂ ਸੇਜ ਸੂਲ਼ਾਂ ਦੀ ਵਿਛਾ ਗਿਆ 
ਇਸ਼ਕੇ ਦਾ ਰੋਗ.....

ਸਾਉਣ ਦਾ ਮਹੀਨਾ ਪਵੇ, ਅੰਬੀਆਂ ਨੂੰ ਬੂਰ ਵੇ 
ਅਸੀਂ ਤਾਂ ‘ਕਮਲ` ਹੋਏ, ਬੈਠੇ ਮਜਬੂਰ ਵੇ 
ਲੰਮੀਆਂ ਤਰੀਖਾਂ ‘ਕੰਗ` ਦੱਸ ਕਾਹਤੋਂ ਪਾ ਗਿਆ 
ਇਸ਼ਕੇ ਦਾ ਰੋਗ...

੬ ਜੂਨ ੨੦੦੩ ਕਮਲ ਕੰਗ

Popular posts from this blog

ਕਵਿਤਾ: ਦੇਸ ਪੰਜਾਬ.....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਗੀਤ - ਤੁਸੀਂ ਹੁਣ ਓ ਨਾ ਰਹੇ…